ਇੱਥੋਂ ਦੇ ਸੈਕਟਰ-4 ਵਿੱਚ ਬੀਤੀ ਰਾਤ ਇਕ ਤੇਜ਼ ਰਫ਼ਤਾਰ ਪੋਰਸ਼ ਕਾਰ ਦੀ ਲਪੇਟ ਵਿੱਚ ਆਉਣ ਨਾਲ ਨਵਾਂ ਗਾਉਂ ਦੇ ਰਹਿਣ ਵਾਲੇ 26 ਸਾਲਾਂ ਅੰਕਿਤ ਦੀ ਮੌਤ ਹੋ ਗਈ ਹੈ, ਜਦੋਂ ਕਿ ਨਵਾਂ ਗਾਉਂ ਵਿੱਚ ਰਹਿਣ ਵਾਲੇ ਸੋਨੀ ਅਤੇ ਸੈਕਟਰ-20 ਵਿੱਚ ਰਹਿਣ ਵਾਲੀ ਗੁਰਲੀਨ ਜ਼ਖ਼ਮੀ ਹੋ ਗਈਆਂ ਹਨ। ਇਸ ਘਟਨਾ ਤੋਂ ਬਾਅਦ ਅੱਜ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਸੈਕਟਰ-16 ਹਸਪਤਾਲ ਅਤੇ ਪੁਲੀਸ ਥਾਣੇ ਵਿੱਚ ਹੰਗਾਮਾ ਕੀਤਾ ਗਿਆ। ਜਿਨ੍ਹਾਂ ’ਤੇ ਪੁਲੀਸ ’ਤੇ ਸਹੀ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਹਨ। ਮ੍ਰਿਤਕ ਦੇ ਭਰਾ ਅਰੁਣ ਨੇ ਕਿਹਾ ਕਿ ਇਹ ਹਾਦਸਾ ਨਹੀਂ ਮੌਤ ਹੈ। ਉਸ ਨੇ ਕਿਹਾ ਕਿਕਾਰ ਚਾਲਕ ਸਕੂਟੀ ਵਿੱਚ ਟੱਕਰ ਮਾਰਨ ਤੋਂ ਬਾਅਦ ਉਸ ਨੂੰ ਕਈ ਮੀਟਰ ਅੱਗੇ ਤੱਕ ਘਸੀਟਦੇ ਹੋਏ ਲੈ ਗਿਆ। ਉਨ੍ਹਾਂ ਕਿਹਾ ਕਿ ਪੁਲੀਸ ਨੇ ਕਾਰ ਚਾਲਕ ਦਾ ਮੈਡੀਕਲ ਨਹੀਂ ਕਰਵਾਇਆ ਹੈ ਅਤੇ ਨਾ ਹੀ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਹੈ। ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਮ੍ਰਿਤਕ ਅੰਕਿਤ ਦਾ ਜਨਮ ਦਿਨ ਸੀ, ਪਰ ਜਨਮ ਦਿਨ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ ਹੈ। ਇਸ ਦੌਰਾਨ ਚੰਡੀਗੜ੍ਹ ਪੁਲੀਸ ਦੇ ਡੀਐੱਸਪੀ ਉਦੈਪਾਲ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਪੀੜਤ ਪਰਿਵਾਰ ਦੀ ਗੱਲ ਸੁਣੀ ਉਨ੍ਹਾਂ ਨੂੰ ਸ਼ਾਂਤ ਕਰਵਾਇਆ। ਉਨ੍ਹਾਂ ਕਿਹਾ ਕਿ ਪੁਲੀਸ ਨੇ ਕਾਰ ਚਾਲਕ ਸੰਜੀਵ ਬਬੂਤਾ ਵਾਸੀ ਪੰਚਕੂਲਾ ਵਿਰੁੱਧ ਕੇਸ ਦਰਜ ਕਰਕੇ ਬਣਦੀ ਕਾਰਵਾਈ ਕਰ ਦਿੱਤੀ ਹੈ। ਪੁਲੀਸ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਵਾਇਆ ਕਿ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੂੰ ਜ਼ਮਾਨਤ ’ਤੇ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਦਾ ਮੈਡੀਕਲ ਕਰਵਾ ਕੇ ਬਣਦੀ ਕਾਰਵਾਈ ਕੀਤੀ ਗਈ ਹੈ।